ਬਰੈਂਪਟਨ ਨਾਲ ਸਬੰਧਤ ਪੰਜਾਬੀ ਨੌਜਵਾਨ ਤਰਨਪ੍ਰੀਤ ਸਿੰਘ ਸਿੱਧੂ ਦੇ ਦਰਦਨਾਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹੈਮਿਲਟਨ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਸਟੋਨੀ ਕ੍ਰੀਕ ਦੇ ਇੱਕ ਉਦਯੋਗਿਕ ਇਲਾਕੇ ਵਿੱਚ ਮਿਲੀ ਲਾਸ਼ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ 28 ਸਾਲਾ ਟਰੱਕ ਡਰਾਈਵਰ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਦੀ ਹੱਤਿਆ ਕਿਸੇ ਹੋਰ ਥਾਂ ‘ਤੇ ਕੀਤੀ ਗਈ ਅਤੇ ਬਾਅਦ ਵਿੱਚ ਉਸ ਦੀ ਲਾਸ਼ ਸਟੋਨੀ ਕ੍ਰੀਕ ਵਿੱਚ ਸੁੱਟ ਦਿੱਤੀ ਗਈ। ਤਰਨਪ੍ਰੀਤ ਸਿੰਘ ਸਿੱਧੂ 2022 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਹੁਣ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਪੁਲਿਸ ਨੂੰ 15 ਜੁਲਾਈ ਦੀ ਸਵੇਰ ਫਰੂਟਲੈਂਡ ਰੋਡ ਅਤੇ ਨਾਰਥ ਸਰਵਿਸ ਰੋਡ ਨੇੜੇ ਇੱਕ ਨਾਲੇ (culvert) ਵਿੱਚ ਇੱਕ ਵਿਅਕਤੀ ਬੇਹੋਸ਼ ਪਿਆ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੇ ਐਮਰਜੈਂਸੀ ਕਰਮਚਾਰੀਆਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਤੋਂ ਬਾਅਦ ਮਾਮਲਾ ਹੋਮਿਸਾਈਡ ਯੂਨਿਟ ਨੂੰ ਸੌਂਪ ਦਿੱਤਾ ਗਿਆ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸਬੂਤਾਂ ਤੋਂ ਲੱਗਦਾ ਹੈ ਕਿ ਕਤਲ ਸਟੋਨੀ ਕ੍ਰੀਕ ਵਿੱਚ ਨਹੀਂ ਹੋਇਆ। ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੈਮਿਲਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ 14 ਅਤੇ 15 ਜੁਲਾਈ ਦੀ ਰਾਤ ਫਰੂਟਲੈਂਡ ਰੋਡ ਇਲਾਕੇ ਵਿੱਚ ਕੋਈ ਸ਼ੱਕੀ ਗਤੀਵਿਧੀ ਜਾਂ ਕਿਸੇ ਸ਼ੱਕੀ ਵਹੀਕਲ ਨੂੰ ਦੇਖਿਆ ਹੋਵੇ ਜਾਂ ਡੈਸ਼ਕੈਮ/ਸੁਰੱਖਿਆ ਕੈਮਰੇ ਦੀ ਫੁਟੇਜ ਹੋਵੇ, ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਕਿਸੇ ਗ੍ਰਿਫ਼ਤਾਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ।













