ਚੰਡੀਗੜ੍ਹ, 4 ਜੂਨ 2021- ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਵਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਲਹਿੰਬਰ ਹੁਸੈਨਪੁਰੀ ਨੂੰ ਅੱਜ ਯਾਨੀਕਿ 4 ਜੂਨ ਤੱਕ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ”ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ। ਉਨ੍ਹਾਂ ਕਮਿਸ਼ਨਰ ਆਫ ਪੁਲਸ ਜਲੰਧਰ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਨਾਲ ਸਬੰਧਤ ਇਨਕੁਆਇਰੀ ਅਫਸਰ ਦੋਨਾਂ ਪਾਰਟੀਆਂ ਸਮੇਤ ਕਮਿਸ਼ਨ ਅੱਗੇ 4 ਜੂਨ ਨੂੰ ਦੁਪਹਿਰ 12 ਵਜੇ ਪੇਸ਼ ਹੋਣ ਲਈ ਹੁਕਮ ਜਾਰੀ ਕਰਨ।
”ਦੱਸ ਦਈਏ ਕਿ ਲਹਿੰਬਰ ਹੁਸੈਨਪੁਰੀ ਇਨ੍ਹੀਂ ਦਿਨੀਂ ਘਰੇਲੂ ਵਿਵਾਦ ਕਾਰਨ ਚਰਚਾ ’ਚ ਹਨ। ਲਹਿੰਬਰ ਹੁਸੈਨਪੁਰੀ ’ਤੇ ਪਤਨੀ ਤੇ ਬੱਚਿਆਂ ਨੇ ਕੁੱਟਮਾਰ ਕਰਨ ਦੇ ਨਾਲ ਹੋਰ ਕਈ ਵੱਡੇ ਇਲਜ਼ਾਮ ਲਗਾਏ ਹਨ। ਇਸ ਵਿਵਾਦ ’ਤੇ ਜਿਥੇ ਲਹਿੰਬਰ ਹੁਸੈਨਪੁਰੀ, ਉਨ੍ਹਾਂ ਦੀ ਪਤਨੀ ਤੇ ਸਾਲੀ ਦਾ ਪੱਖ ਸਾਹਮਣੇ ਆ ਚੁੱਕਾ ਹੈ, ਉਥੇ ਹੁਣ ਲਹਿੰਬਰ ਹੁਸੈਨਪੁਰੀ ਦੀ ਧੀ ਨੇ ਵੀ ਪਿਤਾ ’ਤੇ ਗੰਭੀਰ ਦੋਸ਼ ਲਗਾਏ ਹਨ। ਲਹਿੰਬਰ ਹੁਸੈਨਪੁਰੀ ਦੀ ਧੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਦੇਖ ਰਹੇ ਹਨ। ਉਨ੍ਹਾਂ ਦੇ ਫੋਨ ’ਤੇ ਕਈ ਔਰਤਾਂ ਨਾਲ ਚੈਟ ਹੈ, ਜੋ ਉਸ ਨੇ ਪੜ੍ਹੀ ਹੈ।
ਜਦੋਂ ਲਹਿੰਬਰ ਦੀ ਧੀ ਕੋਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਿਸੇ ਨਾਲ ਗੱਲ ਕਿਉਂ ਨਹੀਂ ਕੀਤੀ ਤਾਂ ਉਸ ਨੇ ਕਿਹਾ ਕਿ ਰਿਸ਼ਤੇਦਾਰਾਂ ਨਾਲ ਮਿਲ ਕੇ ਕਈ ਵਾਰ ਉਹ ਬੈਠ ਕੇ ਗੱਲ ਕਰ ਚੁੱਕੇ ਹਨ ਪਰ ਉਹ ਘਰ ਦਾ ਮਸਲਾ ਘਰ ’ਚ ਹੱਲ ਕਰਕੇ ਚਲੇ ਜਾਂਦੇ ਹਨ ਤੇ ਬਾਅਦ ’ਚ ਮੁੜ ਉਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।